ਜੈਪੁਰ : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਬੇਬੁਨਿਆਦ ਅਤੇ ਬੇਤੁਕੀਆਂ ਗੱਲਾਂ ਕਰ ਕੇ ਕਾਂਗਰਸ ਦੇ ਮਹਾਨ ਨੇਤਾਵਾਂ ਨੂੰ ਬਦਨਾਮ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਮੋਦੀ ਝੂਠ ਬੋਲਣ ਵਿਚ ਮਾਹਰ ਹਨ ਅਤੇ ਅਸਲ ਮੁੱਦਿਆਂ 'ਤੇ ਕੋਈ ਗੱਲ ਨਹੀਂ ਕਰਦੇ।
ਗਹਿਲੋਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਫ਼ੇਲ ਸੌਦੇ 'ਚ ਹੋਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬੁਖਲਾ ਕੇ ਘਪਲੇ ਤੋਂ ਧਿਆਨ ਹਟਾਉਣ ਲਈ ਬੋਫ਼ੋਰਸ ਮਾਮਲਾ ਚੁੱਕ ਕੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬੇਇੱਜ਼ਤੀ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਅਪਣੀ ਸ਼ਹਾਦਤ ਦਿਤੀ। ਅੱਜ ਉਹ ਇਸ ਦੁਨੀਆਂ ਵਿਚ ਨਹੀਂ ਹਨ, ਉਨ੍ਹਾਂ ਸਬੰਧੀ ਇਸ ਤਰ੍ਹਾਂ ਦੀਆਂ ਗੱਲਾ ਕਰਨਾ ਕੀ ਪ੍ਰਧਾਨ ਮੰਤਰੀ ਅਹੁਦੇ 'ਤੇ ਰਹਿੰਦਿਆਂ ਮੋਦੀ ਜੀ ਨੂੰ ਸ਼ੋਭਾ ਦਿੰਦਾ ਹੈ? ਉਹ ਲੋਕਤੰਤਰਿਕ ਅਸੂਲਾਂ ਅਤੇ ਪ੍ਰਧਾਨ ਮੰਤਰੀ ਅਹੁਦੇ ਦੇ ਮਾਣ ਨੂੰ ਖੰਡਿਤ ਕਰ ਰਹੇ ਹਨ।
ਗਹਿਲੋਤ ਨੇ ਕਿਹਾ ਕਿ ਮੋਦੀ ਪਿਛਲੇ ਇਕ ਹਫ਼ਤੇ ਤੋਂ ਰਾਹੁਲ ਗਾਂਧੀ ਅਤੇ ਗਾਂਧੀ ਪਰਵਾਰ 'ਤੇ ਵਿਅਕਤੀਗਤ ਦੋਸ਼ ਲਗਾ ਰਹੇ ਹਨ ਜਦਕਿ ਇਸ ਪਰਵਾਰ ਦਾ ਕੋਈ ਮੈਂਬਰ ਪਿਛਲੇ 30 ਸਾਲ ਤੋਂ ਪ੍ਰਧਾਨ ਮੰਤਰੀ ਜਾਂ ਮੰਤਰੀ ਅਹੁਦੇ 'ਤੇ ਨਹੀਂ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮੋਦੀ ਦੀ ਬੁਖ਼ਲਾਹਟ ਤੋਂ ਬਿਨਾਂ ਹੋਰ ਕੁਝ ਨਹੀਂ ਹੇ। ਉਨ੍ਹਾਂ ਨੂੰ ਸਾਫ਼ ਦਿਖਾਈ ਦੇ ਰਿਹਾ ਹੈ ਕਿ ਉਹ ਇਨ੍ਹਾਂ ਚੋਣਾਂ ਵਿਚ ਹਾਰ ਰਹੇ ਹਨ ਅਤੇ ਇਹ ਤੈਅ ਹੋ ਗਿਆ ਹੈ ਕਿ ਦੇਸ਼ ਵਿਚ ਅਗਲੇ ਪ੍ਰਧਾਨ ਮੰਤਰੀ ਮੋਦੀ ਨਹੀਂ ਹੋਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਰਾਫ਼ੇਲ ਸੌਦੇ ਦਾ ਮੁੱਦਾ ਉਦੋਂ ਤਕ ਚੁੱਕਦੀ ਰਹੇਗੀ ਜਦੋਂ ਤਕ ਮੋਦੀ ਇਸ ਦਾ ਜਵਾਬ ਨਹੀਂ ਦੇ ਦਿੰਦੇ। ਉਨ੍ਹਾਂ ਕਿਹਾ ਕਿ ਤਿੰਨ ਦਹਾਕਿਆਂ ਤੋਂ ਕਾਂਗਰਸ ਵਿਰੋਧੀ ਪਾਰਟੀਆਂ ਬੋਫ਼ੋਰਸ ਦੇ ਨਾਂ 'ਤੇ ਰਾਜਨੀਤੀ ਕਰਦੀਆਂ ਰਹੀਆਂ ਪਰ ਮੋਦੀ ਸਰਕਾਰ ਆਉਣ ਤੋਂ ਬਾਅਦ ਵੀ ਇਸ ਮਾਮਲੇ ਵਿਚ ਉਹ ਕੋਈ ਵੀ ਨਤੀਜਾ ਨਹੀਂ ਕੱਢ ਸਕੇ ਅਤੇ ਨਾ ਹੀ ਕਿਸੇ ਨੂੰ ਦੋਸ਼ੀ ਠਹਰਾ ਸਕੇ।